ਸਾਡੇ ਰੋਜ਼ਾਨਾ ਜੀਵਨ ’ਚ ਹਰ ਮਨੁੱਖ ਦਾ ਵਾਹ-ਵਾਸਤਾ ਗ੍ਰਹਿ ਵਿਗਿਆਨ ਨਾਲ ਰਹਿੰਦਾ ਹੀ ਹੈ। ਸਮਾਜ ’ਚ ਜਾਂ ਸਾਡੇ ਸਿੱਖਿਆ ਖੇਤਰ ਦੀ ਗ਼ਲਤ ਧਾਰਨਾ ਹੈ ਕਿ ਇਹ ਵਿਸ਼ਾ ਸਿਰਫ਼ ਲੜਕੀਆਂ/ਇਸਤਰੀਆਂ ਦਾ ਵਿਸ਼ਾ ਹੈ ਜਦੋਂਕਿ ਪੁਰਖਾਂ ਲਈ ਵੀ ਬੇਹੱਦ ਜ਼ਰੂਰੀ ਵਿਸ਼ਾ ਹੈ। ਸ਼ਾਇਦ ਇਸੇ ਗ਼ਲਤ ਧਾਰਨਾ ਕਰਕੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਗ੍ਰਹਿ ਵਿਗਿਆਨ (ਹੋਮ ਸਾਇੰਸ) ਵਿਸ਼ੇ ਨੂੰ ਘੱਟ ਹੀ ਚੁਣਦੇ ਹਨ ਤੇ ਮੁੰਡੇ ਤਾਂ ਇਹ ਵਿਸ਼ਾ ਚੁਣਦੇ ਹੀ ਨਹੀਂ। ਦੱਸਣਾ ਬਣਦਾ ਹੈ ਕਿ ਗ੍ਰਹਿ ਵਿਗਿਆਨ ਹਰ ਵਿਅਕਤੀ ਦੀ ਰੋਜ਼ਮਰ੍ਹਾ ਜ਼ਿੰਦਗੀ ਨੂੰ ਉੱਤਮ ਤਰੀਕੇ ਨਾਲ ਜਿਊਣ ’ਚ ਅਹਿਮ ਰੋਲ ਅਦਾ ਕਰਦਾ ਹੈ। ਅੱਜ-ਕੱਲ੍ਹ ਬਾਜ਼ਾਰ ਦਾ ਬੋਲਬਾਲਾ ਕਰਕੇ ਅਸੀਂ ਬਾਜ਼ਾਰ ’ਚ ਸਰਮਾਇਆ ਖ਼ਰਚ ਕੇ ਮੂਲ ਲੋੜਾਂ ਪੂਰੀਆਂ ਕਰ ਰਹੇ ਹਾਂ। ਸਿਹਤ, ਖਾਣ-ਪੀਣ, ਪਹਿਨਣ, ਰਹਿਣ ਅਤੇ ਵਰਤੋਂ ਸਬੰਧੀ ਹਰ ਚੀਜ਼ ਅਸੀਂ ਘਰ ਪੈਦਾ ਨਹੀਂ ਕਰਦੇ ਕਿਉਂਕਿ ਸਾਡੇ ਕੋਲ ਘਰੇਲੂ ਚੀਜ਼ਾਂ ਬਣਾਉਣ, ਸੰਵਾਰਨ ਤੇ ਪੈਦਾ ਕਰਨ ਦਾ ਹੁਨਰ ਹੀ ਨਹੀਂ ਹੈ। ਪੁਰਾਣੇ ਸਮਿਆਂ ’ਚ ਸਾਡੇ ਪੁਰਖੇ ਸਿਰਫ਼ ਰਸੋਈ ਦੀਆਂ ਲੋੜਾਂ ਦੀ ਪੂਰਤੀ ਹੀ ਘਰਾਂ ’ਚ ਨਹੀਂ ਕਰਦੇ ਸਨ ਸਗੋਂ ਬੜੇ ਸੁੰਦਰ, ਗੁੰਝਲਦਾਰ ਅਤੇ ਵਿਰਾਸਤੀ ਵਸਤਾਂ ਵੀ ਖੱਡੀਆਂ ’ਤੇ ਜਾਂ ਹੱਥਾਂ ਨਾਲ ਬੁਣ ਕੇ ਘਰੇਲੂ, ਵਿਆਹਾਂ ਅਤੇ ਸਾਹਿਆਂ ਦੀਆਂ ਰਵਾਇਤਾਂ ਪੂਰੀਆਂ ਕਰ ਲੈਂਦੇ ਸਨ, ਜਿਸ ਨਾਲ ਬੇਸ਼ੁਮਾਰ ਸਰਮਾਇਆ ਬਚ ਜਾਂਦਾ ਸੀ। ਗ੍ਰਹਿ ਵਿਗਿਆਨ ਹੁਨਰ ਪੈਦਾ ਕਰਨ ਵਾਲਾ ਵਿਸ਼ਾ ਹੈ, ਜਿਸ ਨੂੰ ਅਸੀਂ ਹੁਣ ਅਪਣਾ ਹੀ ਨਹੀਂ ਰਹੇ।
ਟੈਕਸਟਾਇਲ ਸਾਇੰਸ
ਜੇ ਵਿਅਕਤੀ ਨੂੰ ਗ੍ਰਹਿ ਵਿਗਿਆਨ ਦੀ ਸਿਖਲਾਈ ਪ੍ਰਾਪਤ ਹੋਵੇ ਤਾਂ ਬਹੁਤ ਸਾਰੇ ਕੱਪੜੇ, ਵਸਤਾਂ ਦੇੇ ਡਿਜ਼ਾਈਨ ਬਾਜ਼ਾਰੋਂ ਖ਼ਰੀਦਣੇ ਹੀ ਨਾ ਪੈਣ ਅਤੇ ਘਰ ਹੀ ਤਿਆਰ ਹੋ ਜਾਣ। ਗ੍ਰਹਿ ਵਿਗਿਆਨ ਦੇ ਇਸ ਅੰਗ ਰਾਹੀਂ ਸਾਨੂੰ ਕੱਪੜਿਆਂ ਦੀ ਸਹੀ ਗੁਣਵੱਤਾ ਦੀ ਪਛਾਣ, ਡਰਾਈ ਕਲੀਨਿੰਗ, ਡਰਾਇੰਗ, ਪਿ੍ਰੰਟਿੰਗ, ਕੰਪਿਊਟਰ ਨਾਲ ਡਿਜ਼ਾਈਨਿੰਗ ਆਦਿ ਦੀ ਪੇਸ਼ੇਵਾਰਨਾ ਮੁਹਾਰਤ ਹਾਸਿਲ ਹੁੰਦੀ ਹੈ। ਇਹ ਹੁਨਰ ਪੁਰਾਣੇ ਸਮੇਂ ’ਚ ਹਰ ਘਰ ਦੀ ਔਰਤ ਕੋਲੋਂ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੁਰਦਾ ਸੀ। ਅੱਜ ਦੇ ਦੌਰ ’ਚ ਜੇ ਹਰ ਘਰ-ਪਰਿਵਾਰ ’ਚ ਇਕ ਔਰਤ ਇਹ ਹੁਨਰ ਰੱਖਦੀ ਹੋਵੇ ਤਾਂ ਲੱਖਾਂ ਰੁਪਏ ਸਾਲਾਨਾ ਬੱਚਤ ਹੋ ਸਕਦੀ ਹੈ।
ਪਰਿਵਾਰਕ ਸਰੋਤ ਪ੍ਰਬੰਧਨ
ਗ੍ਰਹਿ ਵਿਗਿਆਨ ਸਾਨੂੰ ਇਸ ਗੱਲੋਂ ਵੀ ਸਮਰੱਥ ਬਣਾਉਂਦਾ ਹੈ ਕਿ ਅਸੀਂ ਘੱਟ ਸਾਧਨਾਂ, ਘੱਟ ਸਰਮਾਏ ਨਾਲ ਆਪਣੇ ਪੱਧਰ ’ਤੇ ਕਿਵੇਂ ਘਰਾਂ ਨੂੰ ਸੰਵਾਰਨਾ, ਊਰਜਾ ਦੀ ਬੱਚਤ ਤੇ ਪੈਦਾਵਰ, ਬਿਜਲਈ ਵਸਤਾਂ ਦੀ ਸਾਂਭ, ਘਰਾਂ ਦੇ ਅੰਦਰੂਨੀ ਤੇ ਬਾਹਰੀ ਡਿਜ਼ਾਈਨ ਤਿਆਰ ਕਰਨੇ, ਬਗ਼ੀਚੀ ਡਿਜ਼ਾਈਨ, ਫਰਨੀਚਰ ਦੀ ਸਾਂਭ-ਸੰਭਾਲ, ਸਾਫ਼ -ਸਫ਼ਾਈ, ਪਰਿਵਾਰ, ਬੱਚਿਆਂ ਤੇ ਬਜ਼ੁਰਗਾਂ ਦੀ ਸਾਂਭ-ਸੰਭਾਲ ਕਿਸ ਤਰ੍ਹਾਂ ਕਰਨੀ ਹੈ। ਆਮ ਤੌਰ ’ਤੇ ਆਪਾਂ ਇਸ ਸਭ ਕੁਝ ਦਾ ਪ੍ਰਬੰਧ ਕਰਨ ਲਈ ਕਿੰਨੇ ਲੋਕਾਂ ਦੀ ਮਦਦ ਲੈਂਦੇ ਹਾਂ ਤੇ ਅੰਦਾਜ਼ਾ ਲਾਓ ਕਿ ਸਾਲਾਨਾ ਕਿੰਨਾ ਸਰਮਾਇਆ ਖ਼ਰਚ ਕਰਦੇ ਹਾਂ।
ਸੰਚਾਰ ਪ੍ਰਬੰਧਨ
ਸਾਡੇ ਸਮਾਜ ’ਚ ਤਰਕ ਅਤੇ ਵਿਗਿਆਨ ਦੇ ਗਿਆਨ ਦੀ ਬੜੀ ਕਮੀ ਹੈ। ਇਹ ਕਮੀ ਹੋਣ ਕਰਕੇ ਅਸੀਂ ਕਿੰਨੀ ਕੁਰੀਤੀਆਂ, ਧਾਰਨਾਵਾਂ ਤੇ ਝੂਠੀਆਂ ਉਦਾਹਰਨਾਂ ’ਚ ਫਸੇ ਹੋਏ ਹਾਂ। ਇਹ ਸਮਾਜਿਕ ਲੋੜ ਹੈ ਕਿ ਹਰ ਮਨੁੱਖ ਤਰਕ, ਵਿਗਿਆਨ ਤੇ ਕੁਦਰਤ ਦੇ ਨਿਯਮਾਂ ਮੁਤਾਬਿਕ ਸੋਚੇ। ਇਹ ਵਿਸ਼ਾ ਹਰ ਮਨੁੱਖ ਨੂੰ ਤਰਕ ਨਾਲ ਸੋਚਣਾ, ਸਮਝਣਾ ਤੇ ਸਮਝਾਉਣਾ ਸਿਖਾਉਂਦਾ ਹੈ। ਅਸੀਂ ਆਮ ਹੀ ਗੱਲਾਂ ਕਰਦੇ ਹਾਂ ਕਿ ਜੋ ਕੁਝ ਕਿਤਾਬਾਂ ’ਚ ਪੜ੍ਹਦੇ ਹਾਂ, ਉਹ ਲਾਗੂ ਨਹੀਂ ਹੋ ਰਿਹਾ। ਇਹ ਵਿਸ਼ਾ ਤੁਹਾਨੂੰ ਇਸ ਕਾਬਿਲ ਬਣਾਉਂਦਾ ਹੈ ਕਿ ਕਿਵੇਂ ਕਿਤਾਬਾਂ ’ਚੋਂ ਪ੍ਰਾਪਤ ਸਾਰਥਿਕ ਜਾਣਕਾਰੀ ਨੂੰ ਕਲਾਸ ਰੂਮ ਦੀਆਂ ਕੰਧਾਂ ਤੋਂ ਬਾਹਰ ਆਪਣੇ ਘਰਾਂ ਤੇ ਸਮਾਜ ’ਚ ਲਾਗੂ ਕਰਨਾ ਹੈ।
ਮਨੋਵਿਗਿਆਨ ਤੇ ਪਰਿਵਾਰਕ ਅਧਿਐਨ
ਮਨੁੱਖ ਦਾ ਖ਼ੁਦ ’ਤੇ ਕਾਬੂ, ਅੰਦਰੂਨੀ ਤਰਕ ਤੇ ਸਮਝਦਾਰ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਇਹ ਵਿਸ਼ਾ ਮਨੁੱਖੀ ਜੀਵਨ ਦੇ ਵੱਖ-ਵੱਖ ਪੜਾਵਾਂ ’ਤੇ ਵਿਚਰਨਾ, ਸਮਝਣਾ ਆਦਿ ਸਿਖਾਉਂਦਾ ਹੈ। ਜੇ ਹਰ ਮਨੁੱਖ ਆਪਣੇ ਆਪ ’ਚ ਮਨ ਦਾ ਡਾਕਟਰ ਤੇ ਕਾਊਂਸਲਰ ਹੋਵੇ ਤਾਂ ਉਸ ਨੂੰ ਮਨੋਵਿਗਿਆਨੀਆਂ ਦੀ ਲੋੜ ਨਾ ਪਵੇ ਤੇ ਨਾ ਹੀ ਨਿੱਜ ਨੂੰ ਕਿਸੇ ਕੋਲ ਫਰੋਲਣਾ ਪਵੇ। ਮਾਨਸਿਕਤਾ ਦੀ ਕਮਜ਼ੋਰੀ ਕਿੰਨੀਆਂ ਬਿਮਾਰੀਆਂ ਦੀ ਜੜ੍ਹ ਹੈ ਤੇ ਮਾਨਸਿਕਤਾ ਦੀ ਤੰਦਰੁਸਤੀ ਕਿੰਨੀਆਂ ਮੁਸ਼ਕਲਾਂ ਦਾ ਹੱਲ ਹੈ। ਇਹ ਵਿਸ਼ਾ ਸਿਰਫ਼ ਮਾਨਸਿਕ ਬਿਮਾਰੀਆਂ ਨੂੰ ਸਮਝਣਾ ਜਾਂ ਹੱਲ ਕਰਨਾ ਹੀ ਨਹੀਂ ਸਿਖਾਉਂਦਾ ਸਗੋਂ ਹਰ ਬੰਦੇ ਨੂੰ ਪੌਣਾ ਡਾਕਟਰ ਵੀ ਬਣਾ ਦਿੰਦਾ ਹੈ। ਜੇ ਹਰ ਮਨੁੱਖ ਖ਼ੁਦ ਦੇ ਅਤੇ ਪਰਿਵਾਰ ਦੇ ਵਿਕਾਸ ਲਈ ਇਸ ਵਿਸ਼ੇ ਦੀ ਸਮਝ ਰੱਖੇ ਤਾਂ ਅਸੀਂ ਕਿੰਨੇ ਤੰਦਰੁਸਤ ਰਹਿ ਸਕਦੇ ਹਾਂ ਤੇ ਕਿੰਨਾ ਸਰਮਾਇਆ ਬਚਾ ਸਕਦੇ ਹਾਂ।
ਲਾਜ਼ਮੀ ਵਿਸ਼ੇ ਵਜੋਂ ਜਾਵੇ ਪੜ੍ਹਾਇਆ
ਇਹ ਵਿਸ਼ਾ ਜਿੱਥੇ ਸਾਡੇ ਕੀਮਤੀ ਧਨ ਦੀ ਵੱਡੇ ਪੱਧਰ ’ਤੇ ਬੱਚਤ ਕਰਦਾ ਹੈ, ਉੱਥੇ ਸਾਡੇ ਤਨ ਅਤੇ ਮਨ ਨੂੰ ਵੀ ਤੰਦਰੁਸਤ ਰੱਖਦਾ ਹੈ। ਫਿਰ ਕਿਉਂ ਅਸੀਂ ਇਹ ਵਿਸ਼ਾ ਵਿਸਾਰਿਆ ਹੋਇਆ ਹੈ? ਇਹ ਉੱਤਮ ਸਮਾਜ ਸੁਧਾਰਕ, ਬੌਧਿਕ, ਹੁਨਰਮੰਦੀ ਪੈਦਾ ਕਰਨ ਵਾਲਾ ਅਤੇ ਆਰਥਿਕਤਾ ਮਜ਼ਬੂਤ ਕਰਨ ਵਾਲਾ ਵਿਸ਼ਾ ਹੈ। ਇਸ ਲਈ ਚਾਹੀਦਾ ਹੈ ਕਿ ਇਹ ਵਿਸ਼ਾ ਸਕੂਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ। ਆਓ! ਵਿਸ਼ਾ ਗ੍ਰਹਿ ਵਿਗਿਆਨ ਅਪਣਾ ਕੇ ਕੀਮਤੀ ਸਰਮਾਇਆ ਬਚਾਈਏ, ਬਾਜ਼ਾਰ ਵਿੱਚੋਂ ਬੇਲੋੜੀ ਖ਼ਰੀਦੋ-ਫਰੋਖਤ ਤੋਂ ਬਚੀਏ, ਹੁਨਰ ਪੈਦਾ ਕਰੀਏ ਤੇ ਖ਼ੁਦ ਨੂੰ ਉੱਤਮ ਮਨੁੱਖ ਬਣਾਈਏ।
ਕਮਾ ਸਕਦੇ ਹਾਂ ਪੈਸਾ
ਅੱਜ-ਕੱਲ੍ਹ ਪੌਸ਼ਟਿਕਤਾ ਦੀ ਆੜ ਹੇਠ ਬਹੁਤ ਸਾਰੀਆਂ ਕੰਪਨੀਆਂ ਸੋਹਣੀ ਪੈਕਿੰਗ ਕਰ ਕੇ ਪ੍ਰੋਡਕਟ ਵੇਚ ਰਹੀਆਂ ਹਨ। ਲੋਕਾਂ ਨੇ ਵੀ ਪੌਸ਼ਟਿਕਤਾ ਨੂੰ ਮੁੱਖ ਲੋੜ ਦੇ ਤੌਰ ’ਤੇ ਸਵੀਕਾਰ ਵੀ ਕਰ ਲਿਆ ਹੈ, ਫਿਰ ਕਿਉਂ ਨਾ ਅਸੀਂ ਪੌਸ਼ਟਿਕ ਚੀਜ਼ਾਂ ਘਰ ਹੀ ਪੈਦਾ ਕਰੀਏ। ਗ੍ਰਹਿ ਵਿਗਿਆਨ ਦੇ ਹੁਨਰਾਂ ਰਾਹੀਂ ਰਸੋਈ ’ਚ ਵਰਤੋਂ ਆਉਣ ਵਾਲਾ ਸਾਰਾ ਸਾਮਾਨ ਆਦਿ ਘਰ ਪੈਦਾ ਕਰੀਏ, ਪ੍ਰੋਸੈਸਿੰਗ ਸਿੱਖੀਏ, ਜਿਸ ਨਾਲ ਸਾਡਾ ਸਰਮਾਇਆ ਤਾਂ ਬਚੇਗਾ ਹੀ ਅਤੇ ਨਾਲ-ਨਾਲ ਹੁਨਰ ਸਦਕਾ ਪ੍ਰੋਡਕਟ ਪੈਦਾ/ਪ੍ਰੋਸੈਸ/ਪੈਕਿੰਗ ਕਰ ਕੇ ਅਸੀਂ ਪੈਸਾ/ਸਰਮਾਇਆ ਕਮਾ ਸਕਦੇ ਹਾਂ।