ਫ਼ਿਰੋਜ਼ਪੁਰ : ਆਪਣਾ ਪੰਜਾਬ ਮੀਡੀਆ : ਪਿੰਡ ਵਜੀਦਪੁਰ ’ਚ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਅੱਜ ਦੁਪਹਿਰ ਵੇਲੇ ਗੈਸ ਸਲੰਡਰ ਫ਼ਟਣ ਨਾਲ ਦੋ ਸੇਵਾਦਾਰਾਂ ਸਮੇਤ ਪੰਜ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਬੱਚਿਆਂ ਨੂੰ ਇਲਾਜ ਵਾਸਤੇ ਇਥੋਂ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਦਕਿ ਇੱਕ ਸੇਵਾਦਾਰ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਅਤੇ ਦੂਜੇ ਨੂੰ ਲੁਧਿਆਣਾ ਡੀਐਮਸੀ ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਬੱਚੇ ਪਿੰਡ ਮਾਣਾ ਸਿੰਘ ਵਾਲਾ ’ਚ ਸਰਕਾਰੀ ਸਕੂਲ ਦੇ ਵਿਦਿਆਰਥੀ ਦੱਸੇ ਜਾਂਦੇ ਹਨ ਜੋ ਇਸ ਘਟਨਾ ਵੇਲੇ ਗੁਰਦੁਆਰੇ ’ਚ ਸੇਵਾ ਕਰਨ ਵਾਸਤੇ ਆਏ ਹੋਏ ਸਨ। ਜ਼ਖ਼ਮੀ ਹੋਏ ਬੱਚਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਜਦਕਿ ਦੋਵੇਂ ਸੇਵਾਦਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਹ ਇਤਿਹਾਸਕ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦਾ ਹੈ ਤੇ ਲੱਖਾਂ ਸ਼ਰਧਾਲੂ ਹਰ ਮਹੀਨੇ ਇਥੇ ਨਤਮਸਤਕ ਹੁੰਦੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ।