ਕਿਸਾਨ ਝੋਨੇ ਦੀ ਲੁਆਈ ਕੁੱਝ ਦਿਨ ਰੁਕ ਕੇ ਕਰਨ ਨੂੰ ਤਰਜੀਹ ਦੇਣ ਲੱਗੇ
ਪ੍ਰੀ-ਮੌਨਸੂਨ ਦੇ ਪਛੜ ਜਾਣ ਕਾਰਨ ਮਾਲਵਾ ਪੱਟੀ ਦੇ ਕਿਸਾਨਾਂ ਨੇ ਹੁਣ ਝੋਨਾ ਲਾਉਣ ਦੀ ਰਫ਼ਤਾਰ ਘਟਾ ਦਿੱਤੀ ਹੈ। ਮੌਸਮ ਵੱਲੋਂ ਸਾਥ ਨਾ ਦੇਣ ਕਾਰਨ ਝੋਨੇ ਦੀ ਰਫਤਾਰ ਢਿੱਲੀ ਪੈ ਗਈ ਹੈ। ਹੁਣ ਲਗਾਤਾਰ ਕਈ ਦਿਨਾਂ ਤੋਂ ਪੈ ਰਹੀ ਗਰਮੀ ਨੇ ਝੋਨਾ ਚਲਾਉਣ ਵਿਚ ਦਿੱਕਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਖੇਤੀ ਮਾਹਿਰਾਂ ਨੇ ਕਿਹਾ ਕਿ ਪ੍ਰੀ-ਮੌਨਸੂਨ ਦੀ ਗੈਰਹਾਜ਼ਰੀ ਵਿੱਚ ਇਸ ਤੋਂ ਪਹਿਲਾਂ ਜਿਹੜੇ ਕਿਸਾਨਾਂ ਨੇ ਝੋਨੇ ਨੂੰ ਖੇਤਾਂ ਵਿੱਚ ਲਾ ਦਿੱਤਾ ਹੈ, ਉਹ ਵੀ ਪਾਣੀ ਤੱਤਾ ਹੋਣ ਕਾਰਨ ਮੱਚਣ ਲੱਗ ਪਿਆ ਹੈ। ਬਹੁਤੇ ਕਿਸਾਨਾਂ ਨੇ ਹੁਣ ਝੋਨੇ ਨੂੰ ਲਾਉਣ ਦੀ ਥਾਂ ਥੋੜ੍ਹੇ ਦਿਨ ਖੜ੍ਹ ਕੇ ਝੋਨਾ ਲਾਉਣ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ।
ਮੌਨਸੂਨ ਵਿਚ ਲਗਾਤਾਰ ਹੋ ਰਹੀ ਦੇਰੀ ਨੂੰ ਵੇਖਦਿਆਂ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਮੰਨਿਆ ਹੈ ਕਿ ਮੌਜੂਦਾ ਸਥਿਤੀ ਵਿਚ 11 ਜੂਨ ਤੋਂ ਲੱਗਣ ਲੱਗਿਆ ਝੋਨਾ ਲੱਗਣਸਾਰ ਤੁਰਨਾ ਔਖਾ ਹੋ ਗਿਆ ਹੈ। ਖੇਤਾਂ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲੱਗਿਆ ਝੋਨਾ ਚੱਲਣ ਦੀ ਥਾਂ ਸਿਖ਼ਰ ਦੁਪਹਿਰੇ ਪਾਣੀ ਦੇ ਤੱਤਾ ਹੋਣ ਕਾਰਨ ਮੱਚਣ ਲੱਗ ਪਿਆ ਹੈ। ਖੇਤੀ ਮਾਹਿਰਾਂ ਨੇ ਸੂਰਜ ਦੀ ਤੱਪਸ਼ ਕਾਰਨ ਮੱਚਦੇ ਇਸ ਝੋਨੇ ਨੂੰ ਥੋੜੇ ਦਿਨਾਂ ਲਈ ਉਡੀਕ ਕਰਕੇ ਲਾਉਣ ਦੀ ਸਿਫਾਰਸ਼ ਕੀਤੀ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਹੁਣ ਸੈਂਕੜੇ ਐਸੇ ਕਿਸਾਨ ਹਨ, ਜੋ ਮੀਂਹ ਨਾ ਪੈਣ ਕਾਰਨ ਹੁਣ ਝੋਨੇ ਨੂੰ ਹੋਰ ਲੇਟ ਲਾਉਣ ਬਾਰੇ ਸੋਚਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਮਿਲੇ ਵੇਰਵੇ ਦੱਸਦੇ ਹਨ ਕਿ ਕਿਸਾਨ ਡੀਜ਼ਲ ਆਸਰੇ ਝੋਨੇ ਨੂੰ ਪਾਲਣ ਤੋਂ ਹੱਥ ਖੜ੍ਹੇ ਕਰ ਰਹੇ ਹਨ, ਜਦੋਂ ਕਿ ਸਰਕਾਰ ਵੱਲੋਂ ਨਾ ਨਹਿਰਾਂ ’ਚ ਪਾਣੀ ਛੱਡਿਆ ਗਿਆ ਹੈ ਅਤੇ ਨਾ ਹੀ ਟਿਊਬਵੈੱਲਾਂ ਲਈ 8 ਤੋਂ ਵੱਧ ਘੰਟੇ ਬਿਜਲੀ ਦਿੱਤੀ ਜਾਣ ਲੱਗੀ ਹੈ।
ਉਧਰ ਪਿੰਡਾਂ ਦੇ ਦੌਰਿਆਂ ਤੋਂ ਪਤਾ ਲੱਗਿਆ ਹੈ ਕਿਸਾਨ ਵੱਲੋਂ ਇਸ ਵੇਲੇ ਝੋਨੇ ਨੂੰ ਲਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਡੀਜ਼ਲ ਆਸਰੇ ਲਾਇਆ ਜਾ ਰਿਹਾ ਝੋਨਾ ਖੇਤਾਂ ਵਿਚ ਹਰਾ ਨਹੀਂ ਹੋ ਰਿਹਾ, ਸਗੋਂ ਸੁੱਕਕੇ ਡੱਕਰੇ ਬਣਿਆ ਖੜ੍ਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਅਸਮਾਨ ਤੋਂ ਨਿਰਮਲ ਪਾਣੀ ਦੀਆਂ ਚਾਰ ਕਣੀਆਂ ਹੀ ਡਿੱਗ ਪੈਣ ਤਾਂ ਇਹ ਝੋਨਾ ਦਿਨਾਂ ਵਿਚ ਹੀ ਹਰਿਆਵਲ ਦਿਖਾਉਣ ਲੱਗ ਪਵੇਗਾ। ਇਸੇ ਦੌਰਾਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਕੇਂਦਰ ਦੇ ਸਹਾਇਕ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 44 ਡਿਗਰੀ ਸੈਂਟੀਗਰੇਡ ਤੋਂ ਵੱਧ ਤਾਪਮਾਨ ਚੱਲ ਰਿਹਾ ਹੈ ਅਤੇ 17 ਜੂਨ ਤੱਕ ਲੋਕਾਂ ਨੂੰ ਲੂ ਅਤੇ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਰਕੇ ਅਗਲੇ ਤਿੰਨ ਦਿਨ ਭਾਰੀ ਗਰਮੀ ਪੈਣ ਨਾਲ ਫ਼ਸਲ ਉਪਰ ਕਹਿਰ ਬਣਿਆ ਰਹੇਗਾ।