ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਸੁਪੀਰੀਅਰ ਕੋਰਟ ਦੇ ਇਕ 72 ਸਾਲਾ ਜੱਜ ਨੂੰ ਆਪਣੀ ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕਰਨ ਦੀ ਖਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਅਨਾਹੀਮ ਪੁਲਿਸ ਅਫਸਰਾਂ ਨੂੰ ਪੂਰਬੀ ਕੇਨਾਇਆਨ ਡਰਾਈਵ ਤੇ ਇਕ ਘਰ ਵਿਚ ਗੋਲੀ ਚੱਲਣ ਦੀ ਸੂਚਨਾ ਬੀਤੀ ਰਾਤ 8 ਵਜੇ ਦੇ ਕਰੀਬ ਮਿਲੀ। ਪੁਲਿਸ ਅਫਸਰ ਤੁਰੰਤ ਮੌਕੇ ਉਪਰ ਪੁੱਜੇ ਜਿਨਾਂ ਨੂੰ ਉਥੇ 65 ਸਾਲਾ ਸ਼ੈਰਾਇਲ ਫਰਗੂਸਨ ਨਾਮੀ ਔਰਤ ਜ਼ਖਮੀ ਹਾਲਤ ਵਿਚ ਮਿਲੀ ਜਿਸ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਪੁਲਿਸ ਅਨੁਸਾਰ ਉਸ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਮੌਕੇ ਤੇ ਹੀ ਓਰੇਂਜ ਕਾਊਂਟੀ ਸੁਪੀਰੀਅਰ ਜੱਜ ਜੈਫਰੀ ਫਰਗੂਸਨ ਨੂੰ ਹਿਰਾਸਤ ਵਿਚ ਲੈ ਲਿਆ। ਉਸ ਨੂੰ ਅਨਾਹੀਮ ਪੁਲਿਸ ਵਿਭਾਗ ਦੇ ਡੀਟੈਨਸ਼ਨ ਸੈਂਟਰ ਵਿੱਚ ਲਿਜਾਇਆ ਗਿਆ ਹੈ। ਉਸ ਨੂੰ ਸਾਂਟਾ ਅਨਾ ਦੀ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਡਿਸਟ੍ਰਿਕਟ ਅਟਾਰਨੀ ਦਫਤਰ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਅਜੇ ਰਸਮੀ ਤੌਰ ਤੇ ਜੱਜ ਵਿਰੁੱਧ ਦੋਸ਼ ਆਇਦ ਨਹੀਂ ਕੀਤੇ ਗਏ।