ਸਕੂਲ ਦੇ 6 ਖਿਡਾਰੀ ਰਾਜ ਪੱਧਰੀ ਟੀਮ ’ਚ ਖੇਡਣਗੇ
ਨਵਾਂਸ਼ਹਿਰ : (ਵਿਪਨ ਕੁਮਾਰ) : ਕਰਿਆਮ ਰੋਡ ’ਤੇ ਸਥਿਤ ਕੇ.ਸੀ. ਪਬਲਿਕ ਸਕੂਲ ’ਚ ਸਾਦਾ ਪ੍ਰੋਗਰਾਮ ਕਰਵਾ ਕੇ ਜ਼ਿਲ੍ਹਾ ਪੱਧਰ ’ਤੇ ਜੇਤੂ ਰਹੀ ਸਕੂਲ ਦੀ ਕ੍ਰਿਕਟ ਟੀਮ ਨੂੰ ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਦੇ 6 ਖਿਡਾਰੀ ਜੋ ਰਾਜ ਪੱਧਰੀ ਟੀਮ ਵਿੱਚ ਖੇਡਣਗੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਕ੍ਰਿਕਟ ਕੋਚ ਹਰਦੀਪ ਸਿੰਘ ਨੇ ਦੱਸਿਆ ਕਿ ਸਕੂਲ ਦਾ ਤਹਿਸੀਲ ਪੱਧਰੀ ਕ੍ਰਿਕਟ ਮੈਚ ਪਿੰਡ ਸਕੋਹਪੁਰ ਵਿਖੇ ਕਰਵਾਇਆ ਗਿਆ, ਜਿਸ ’ਚ ਪਹਿਲਾਂ ਬਲਾਚੌਰ ਦੀ ਕ੍ਰਿਕਟ ਟੀਮ ਨੇ ਪੰਜ ਓਵਰਾਂ ਦਾ ਮੈਚ ਖੇਡਿਆ ਅਤੇ ਟੀਮ 35 ਦੌੜਾਂ ਬਣਾ ਕੇ ਆਲ ਆਊਟ ਹੋ ਗਈ, ਇਸ ਦੇ ਜਵਾਬ ’ਚ ਕੇਸੀ ਪਬਲਿਕ ਸਕੂਲ ਕੈਪਟਨ ਪ੍ਰੱਜਵਲ ਨੇਗੀ ਦੀ ਨਿਗਰਾਨੀ ’ਚ ਕੇਸੀ ਸਕੂਲ ਨੇ 2.3 ਓਵਰਾਂ ਵਿੱਚ 36 ਦੌੜਾਂ ਬਣਾ ਕੇ 10 ਵਿਕਟਾਂ ਬਚਾ ਕੇ ਮੈਚ ਜਿੱਤ ਲਿਆ। ਹੁਣ ਇਸ ਟੀਮ ਦੇ ਪ੍ਰਜਵਲ ਨੇਗੀ (ਪਲੱਸ ਵਨ), ਆਦਰਸ਼ (ਨੌਵੀਂ), ਈਸ਼ਾਨ (ਦਸਵੀਂ), ਅਰਮਾਨ ਮਲਹੋਤਰਾ (ਪਲੱਸ ਵਨ), ਅਯਾਨ ਮੂੰਮ (ਪਲੱਸ ਵਨ), ਰਿਤੇਸ਼ (ਨੌਵੀਂ) ਨੂੰ ਰਾਜ ਪੱਧਰ ’ਤੇ ਖੇਡਣ ਲਈ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਖ਼ਾਲਸਾ ਸਕੂਲ ਦੀ ਗਰਾਊਂਡ ਵਿਖੇ ਫੁੱਟਬਾਲ ’ਚ ਸੈਕਿੰਡ ਰਨਰ ਅੱਪ ਰਹੀਆਂ 15 ਖਿਡਾਰਨਾਂ (ਲੜਕੀਆਂ) ਨੂੰ ਵੀ ਸਨਮਾਨਤ ਕੀਤਾ ਗਿਆ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਵਾਈਸ ਚੇਅਰਪਰਸਨ ਸ਼ਵੇਤਾ ਗਾਂਧੀ, ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਅਤੇ ਸਮੂਹ ਸਕੂਲ ਸਟਾਫ਼ ਨੇ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।