– ਮਹਿਲਾਵਾਂ ਅਤੇ ਕੁੜੀਆਂ ਨੂੰ ਆਪਣੇ ’ਤੇ ਹੋ ਰਹੇ ਜੁਲਮਾਂ ਪ੍ਰਤੀ ਚੁਪ ਨਹੀਂ ਰਹਿਣਾ ਚਾਹੀਦਾ – ਪੀਐਲਵੀ ਦੇਸ ਰਾਜ ਬਾਲੀ
ਨਵਾਂਸ਼ਹਿਰ, 28 ਨਵੰਬਰ, (ਵਿਪਨ ਕੁਮਾਰ)
ਕੇਸੀ ਪਬਲਿਕ ਸਕੂਲ ’ਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਕਮ ਜਿਲਾ ਸੈਸ਼ਨ ਜਜ ਪ੍ਰਿਆ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਥਾਰਿਟੀ ਦੇ ਸਕੱਤਰ ਕਮ ਸੀਜੀਐਮ ਡਾ. ਅਮਨਦੀਪ ਦੀ ਅਗਵਾਈ ’ਚ ਜਿਲ੍ਹਾ ਕਾਨੂੰਨੀ ਸਾਖਰਤਾ ਸੈਮਿਨਾਰ ਲਗਾਇਆ ਗਿਆ, ਜਿਸ ’ਚ ਪੈਰਾ ਲੀਗਲ ਵਲੰਟੀਅਰ ਦੇਸ ਰਾਜ ਬਾਲੀ ਅਤੇ ਵਾਸਦੇਵ ਪ੍ਰਦੇਸੀ ਉੱਚੇਚੇ ਤੌਰ ’ਤੇ ਹਾਜਰ ਹੋਏ । ਉਨ੍ਹਾਂ ਨੇ ਕਾਨੂੰਨੀ ਸਾਖਰਤਾ ਦੇ ਤਹਿਤ ਵਿਦਿਆਰਥੀਆਂ ਨੂੰ ਦੱਸਿਆ ਕਿ ਹਰ ਵਿਦਿਆਰਥੀ ਨੂੰ ਕਾਨੂੰਨ ਦੀ ਜਾਣਕਾਰੀ ਹੋਣਾ ਅਜੋਕੇ ਯੁੱਗ ’ਚ ਲਾਜ਼ਮੀ ਹੈ । ਇਸ ਦੌਰਾਨ ਉਹਨਾਂ ਨੇ ਮੁਫਤ ਕਾਨੂਨੀ ਸਹਾਇਤਾ, ਸਿੱਖਿਆ ਦਾ ਅਧਿਕਾਰ, ਸਮਾਨਤਾ ਦਾ ਅਧਿਕਾਰ, ਪੋਕਸੋ ਐਕਟ, ਬਾਲ ਵਿਵਾਹ ਦੇ ਖਿਲਾਫ, ਸੰਵਿਧਾਨ ਦਿਵਸ ਦੀ ਜਾਣਕਾਰੀ ਸਾਂਝੀ ਕੀਤੀ। ਦੇਸ ਰਾਜ ਬਾਲੀ ਨੇ ਕਿਹਾ ਕਿ ਮਹਿਲਾਵਾਂ ਅਤੇ ਕੁੜੀਆਂ ਦੇ ਨਾਲ ਹੋ ਰਹੇ ਸੈਕਸ ਹਰਾਸਮੈਂਟ ਦੇ ਕੇਸ, ਦਹੇਜ ਪ੍ਰਤਾੜ੍ਹਨਾ ਅਤੇ ਬਲਾਤਕਾਰ ਵਰਗੀਆਂ ਮਾੜੀਆਂ ਘਟਨਾਵਾਂ ਤੋਂ ਬਾਅਦ ਉਹ ਅਕਸਰ ਘਬਰਾ ਜਾਂਦੀਆਂ ਹਨ । ਸਾਨੂੰ ਇਸਦੇ ਲਈ ਚੁਪ ਨਹੀਂ ਰਹਿਣਾ ਹੈ ਅਵਾਜ ਉਠਾਣੀ ਹੈ । ਸ਼੍ਰੀ ਬਾਲੀ ਨੇ ਦੱਸਿਆ ਕਿ ਕਿਸੇ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਕਿਸ਼ੋਰ ਦੇ ਨਾਲ ਕੋਈ ਅਸ਼ਲੀਲ ਹਰਕੱਤ, ਅਸ਼ਲੀਲ ਮੈਸੇਜ, ਫਿਲਮ ਦਿਖਾਉਣ ਆਦਿ ਦੇ ਨਾਲ ਉਸਨੂੰ ਪ੍ਰ੍ਰਤਾੜਿਤ, ਸ਼ਰੀਰਕ ਸ਼ੌਸ਼ਣ ਸਬੰਧੀ ਸਮੱਸਿਆ ਆਉਂਦੀਆਂ ਹਨ ਤਾਂ ਉਹ ਤੁਰੰਤ ਚਾਈਲਡ ਹੇਲਪ ਲਾਈਨ ਨੰਬਰ 1098 ’ਤੇ ਕਾਲ ਕਰ ਆਪਣੀ ਸਮੱਸਿਆ ਦੱਸ ਸਕਦੇ ਹੈ । ਉਨ੍ਹਾਂ ਨੇ ਦੱਸਿਆ ਕਿ ਬਲਾਤਕਾਰ ਪੀੜਿਤ ਨਬਾਲਿਗ ਕੁੜੀਆਂ ਉਕਤ ਨੰਬਰ ’ਤੇ ਕਾਲ ਕਰਕੇ ਜਾਂ ਫਿਰ ਪੁਲਿਸ ਨੂੰ ਆਪਣੀ ਸ਼ਿਕਾਇਤ ਦੱਸ ਸਕਦੀਆਂ ਹਨ। ਇਸਦੇ ਬਾਅਦ ਕਾਨੂੰਨ ਅਨੁਸਾਰ ਪੀੜਿਤ ਕੁੜੀ ਨੂੰ ਅਦਾਲਤ ’ਚ ਵਾਰ ਵਾਰ ਚੱਕਰ ਨਹੀਂ ਲਗਾਉਣ ਪੈਣਗੇ । ਉਸ ਕੁੜੀ ਦੇ ਘਰ ਸਿਵਿਲ ਵਰਦੀ ’ਚ ਪੁਲਿਸ ਜਾ ਕੇ ਬਿਆਨ ਲਵੇਗੀ ਅਤੇ ਉਸਨੂੰ ਸਿਰਫ ਇੱਕ ਵਾਰ ਬਿਆਨਾਂ ਲਈ ਅਦਾਲਤ ’ਚ ਜਾਣਾ ਪਵੇਗਾ । ਅਦਾਲਤ ’ਚ ਜੱਜ ਹੀ ਉਸਤੋਂ ਸਵਾਲ ਜਵਾਬ ਕਰੇਗਾ, ਕੋਈ ਵਕੀਲ ਵੀ ਉਸ ਤੋਂ ਸਿੱਧੇ ਤੌਰ ਤੇ ਕੋਈ ਸਵਾਲ ਨਹੀਂ ਕਰ ਸਕਦਾ । ਉਨ੍ਹਾਂ ਨੇ ਦੱਸਿਆ ਕਿ ਸਰਕਾਰ ਬਲਾਤਕਾਰ ਪੀੜਿਤ ਅਤੇ ਤੇਜਾਬ ਪੀੜਿਤ ਦਾ ਇਲਾਜ ਮੁਫਤ ਕਰਵਾਉਂਦੀ ਹੈ ਅਤੇ ਇਸ ਤਰ੍ਹਾਂ ਦੇ ਕੇਸਾਂ ਵਿੱਚ ਸਰਕਾਰ ਮੁਆਵਜਾ ਰਾਸ਼ੀ ਵੀ ਪ੍ਰਦਾਨ ਕਰਦੀ ਹੈ । ਪੀਐਲਵੀ ਵਾਸਦੇਵ ਪ੍ਰਦੇਸੀ ਨੇ ਸੰਵਿਧਾਨ ਦਿਵਸ ਦੇ ਸਬੰਧ ’ਚ ਸਾਰਿਆ ਨੂੰ ਪ੍ਰਣ ਦਿਲਾਇਆ। ਅੰਤ ’ਚ ਉਸਨੇ ਸਾਰਿਆਂ ਨੂੰ ਕਾਨੂੰਨ ਦੀ ਪਾਲਨਾ ਕਰਨ ਦੀ ਅਪੀਲ ਕੀਤੀ । ਕੇਸੀ ਸਕੂਲ ਦੇ ਸੀਨਿਅਰ ਟੀਚਰ ਰਾਜੀਵ ਘਈ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਪੂਰੀ ਤਰ੍ਹਾਂ ਨਾਲ ਸੁਚੇਤ ਰਹਿਣਾ ਚਾਹੀਦਾ ਹੈ । ਪੁਲਿਸ ਅਤੇ ਕਾਨੂੰਨ ਸਾਡੀ ਸੁਰੱਖਿਆ ਲਈ ਬਣਿਆ ਹੈ ਅਤੇ ਸਾਨੂੰ ਇਸਦਾ ਦਾ ਸਹਾਰਾ ਲੈਣਾ ਚਾਹੀਦਾ ਹੈ । ਮੌਕੇ ’ਤੇ ਪ੍ਰਿਸੰੀਪਲ ਡਾ. ਆਸ਼ਾ ਸ਼ਰਮਾ, ਹਰਦੀਪ ਸਿੰਘ, ਮੋਨਿਕਾ ਸ਼ਰਮਾ, ਸ਼ਾਲਿਨੀ, ਨੀਲਮ, ਸਾਹਿਲ ਆਦਿ ਹਾਜਰ ਰਹੇ ।