ਰਾਸ਼ਟਰ ਦੇ ਸਮਾਜਿਕ ਵਿਕਾਸ ’ਚ ਐਨਐਸਐਸ ਵਾਲੰਟੀਅਰਾਂ ਦੀ ਮਹੱਤਵਪੂਰਨ ਭੂਮਿਕਾ-ਨਿਝਾਵਨ
ਨਵਾਂਸ਼ਹਿਰ : (ਵਿਪਨ ਕੁਮਾਰ): ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਐਨਐਸਐਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੇਸੀ ਫਾਰਮੇਸੀ ਕਾਲਜ ’ਚ ਐਨਐਸਐਸ ਵਾਲੰਟੀਅਰਾਂ ਵੱਲੋਂ ਵਰਤਮਾਨ ਯੁਗ ’ਚ ਐਨਐਸਐਸ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸਦੇ ਐਨਐਸਐਸ ਪ੍ਰੋਗਰਾਮ ਅਫਸਰ ਅੰਕੁਸ਼ ਨਿਝਾਵਨ ਮੁੱਖ ਬੁਲਾਰੇ ਰਹੇ, ਜਦਕਿ ਪ੍ਰੋਗਰਾਮ ਵਿੱਚ ਐਸ.ਏ.ਓ ਇੰਜ. ਆਰ ਕੇ ਮੂੰਮ, ਫਾਰਮੇਸੀ ਕਾਲਜ ਦੀ ਮੁਖੀ ਡਾ. ਅਮਰਦੀਪ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਅੰਕੁਸ਼ ਨਿਝਾਵਨ ਨੇ ਵਿਦਿਆਰਥੀਆਂ ਨੂੰ ਪਿਛਲੇ ਸਮੇਂ ’ਚ ਸਮਾਜ ’ਚੋਂ ਵੱਖੋ-ਵੱਖ ਬੁਰਾਈਆਂ ਦੇ ਖਾਤਮੇ ’ਚ ਐਨ.ਐਸ.ਐਸ. ਵਾਲੰਟੀਅਰਾਂ ਦੀ ਭੂਮਿਕਾ ਅਤੇ ਸਮਾਜ ਦੀਆਂ ਹੋਰ ਸਮੱਸਿਆਵਾਂ ਦੇ ਖਾਤਮੇ ਲਈ ਵਾਲੰਟੀਅਰਾਂ ਵੱਲੋਂ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰਣਾ ਚਾਹੀਦਾ ਹੈ। ਉਨ੍ਹਾਂ ਨੇ ਨਿਸਵਾਰਥ ਸੇਵਾ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਅਤੇ ਵਾਲੰਟੀਅਰਾਂ ਦੇ ਰਚਨਾਤਮਕ ਸਮਾਜ ਸੇਵੀ ਕੰਮਾਂ ’ਚ ਸ਼ਾਮਲ ਹੋ ਕੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸੈਸ਼ਨ 2023-24 ਦੌਰਾਨ ਕੀਤੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ ਅਤੇ 2024-25 ’ਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵੀ ਚਰਚਾ ਕੀਤੀ ਗਈ। ਅੰਕੁਸ਼ ਨਿਝਾਵਨ ਨੇ ਦੱਸਿਆ ਕਿ ਰਾਸ਼ਟਰੀ ਸੇਵਾ ਯੋਜਨਾ (ਐਨ. ਐਸ. ਐਸ.) ਦੀ ਸਥਾਪਨਾ 24 ਸਤੰਬਰ 1969 ਨੂੰ ਹੋਈ ਸੀ। ਇਸ ਦਿਨ ਨੂੰ ਐਨਐਸਐਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਲ 1969 ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਨਮ ਸ਼ਤਾਬਦੀ ਸੀ, ਇਸ ਲਈ ਇਸ ਦਿਨ ਨੂੰ ਐਨਐਸਐਸ ਦੀ ਰਸਮੀ ਸ਼ੁਰੂਆਤ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਐਨਐਸਐਸ ਦੀ ਸਥਾਪਨਾ ਅਤੇ ਇਸ ਦੇ ਮਿਸ਼ਨ ਨੂੰ ਯਾਦ ਕਰਨਾ ਹੈ। ਅੱਜ ਪੂਰੇ ਭਾਰਤ ’ਚ ਵਿੱਦਿਅਕ ਸੰਸਥਾਵਾਂ ਵਿੱਚ ਐਨਐਸਐਸ ਸਥਾਪਨਾ ਦਿਵਸ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਐਨਐਸਐਸ ਵਿਦਿਆਰਥੀਆਂ ਦੇ ਸਮਾਜਿਕ ਗਿਆਨ ’ਚ ਵਾਧਾ ਕਰਦਾ ਹੈ ਅਤੇ ਵਾਲੰਟੀਅਰ ਦੇਸ਼ ਵਿੱਚ ਸਮਾਜਿਕ ਚੇਤਨਾ ਪੈਦਾ ਕਰਕੇ ਰਾਸ਼ਟਰ ਦੇ ਸਮਾਜਿਕ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇੰਜ. ਆਰ.ਕੇ ਮੂੰਮ ਨੇ ਕਿਹਾ ਕਿ ਐਨਐਸਐਸ ’ਚ ਵਾਲੰਟੀਅਰਾਂ ਨੂੰ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ ਜਦੋਂ ਵਾਲੰਟੀਅਰਾਂ ਵੱਖੋ-ਵੱਖ ਪਿੰਡਾਂ ’ਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬਾਹਰਲੇ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ। ਕਾਲਜ ਮੁਖੀ ਡਾ. ਅਮਰਦੀਪ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੌਕੇ ਤੇ ਮਨਿੰਦਰ ਪਾਲ ਸਿੰਘ, ਰੁਬਲ ਸਿੰਘ, ਕੁਲਵਿੰਦਰ ਰਾਣਾ, ਸੰਜੀਵ ਕੰਵਰ, ਸੁਖਵਿੰਦਰ, ਵਿਪਨ ਕੁਮਾਰ ਆਦਿ ਹਾਜ਼ਰ ਸਨ।