ਏਡਜ਼ ਬਾਰੇ ਸਹੀ ਜਾਣਕਾਰੀ ਹੀ ਏਡਜ਼ ਤੋਂ ਬਚਾ ਸਕਦੀ ਹੈ- ਡਾ. ਕੁਲਜਿੰਦਰ ਕੌਰ
ਨਵਾਂਸ਼ਹਿਰ, 30 ਨਵੰਬਰ, (ਵਿਪਨ ਕੁਮਾਰ) ਕਰਿਆਮ ਰੋਡ ਤੇ ਸਿੱਥਤ ਕੇ.ਸੀ. ਕਾਲਜ ਆੱਫ ਐਜੁਕੇਸ਼ਨ ਵਿਖੇ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਇੰਸਟੀਚਿਊਸ਼ਨਜ਼ ਦੇ ਕੈਂਪਸ ਡਾਇਰੈਕਟਰ ਡਾ. ਏ.ਸੀ.ਰਾਣਾ ਦੀ ਦੇਖ-ਰੇਖ ’ਚ ਸੈਮੀਨਾਰ ਕਰਵਾਇਆ ਗਿਆ। ਜਿਸ ’ਚ ਕਾਲਜ ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ, ਵਿਦਿਆਰਥਣ ਦੀਕਸ਼ਾ ਅਤੇ ਹਰਸ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਕੁਲਜਿੰਦਰ ਕੌਰ ਨੇ ਦੱਸਿਆ ਕਿ ਲਾਲ ਰਿਬਨ ਦੀ ਫੰਦੇ ਦੇ ਨਿਸ਼ਾਨ ਦਾ ਮਤਲਬ ਏਡਜ਼ ਹੈ। ਇਹ ਮੌਤ ਦੀ ਦਸਤਕ ਬਣ ਗਿਆ ਹੈ। ਇਹ ਅਜਿਹੀ ਭਿਆਨਕ ਮਹਾਮਾਰੀ ਹੈ, ਜਿਸ ਨੇ ਦੁਨੀਆ ਦੇ ਕਰੋੜਾਂ ਲੋਕਾਂ ਦੇ ਨਾਂ ’ਤੇ ਮੌਤ ਦੇ ਵਾਰੰਟ ਜਾਰੀ ਕੀਤੇ ਹਨ। ਅੱਜ ਇਹ ਲਾਇਲਾਜ ਬਿਮਾਰੀ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਗਈ ਹੈ। ਜਿਸ ’ਤੇ ਲਗਾਤਾਰ ਖੋਜ ਕੀਤੀ ਜਾ ਰਹੀ ਹੈ। ਏਡਜ਼ ਵਰਗੀਆਂ ਬੀਮਾਰੀਆਂ ਬਾਰੇ ਸਾਰੇ ਨਾਗਰਿਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਵਿਦਿਆਰਥਣ ਦੀਕਸ਼ਾ ਅਤੇ ਹਰਸ਼ ਨੇ ਦੱਸਿਆ ਕਿ ਖੋਜਕਰਤਾਵਾਂ ਅਨੁਸਾਰ ਏਡਜ਼ ਪੀੜਤ ਵਿਅਕਤੀ ਨਾਲ ਹੱਥ ਮਿਲਾਉਣ, ਚੁੰਮਣ, ਇਕੱਠੇ ਰਹਿਣ ਜਾਂ ਖਾਣਾ ਖਾਣ ਨਾਲ ਏਡਜ਼ ਨਹੀਂ ਫੈਲਦੀ। ਇਸ ਬਿਮਾਰੀ ਸਬੰਧੀ ਕੋਈ ਵੀ ਲੱਛਣ ਦਿਖਣ ’ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਨਾ ਕਿ ਇਸ ਨੂੰ ਛੁਪਾਉਣਾ ਚਾਹੀਦਾ ਹੈ। ਇਸ ਦਾ ਸਹੀ ਗਿਆਨ ਹੀ ਇਸ ਬਿਮਾਰੀ ਤੋਂ ਬਚਾਅ ਹੈ। ਸਿਹਤ ਵਿਭਾਗ ਵੱਲੋਂ ਦੱਸੇ ਗਏ ਏਡਜ਼ ਦੇ ਲੱਛਣਾਂ ’ਚ ਭਾਰ ਘਟਣਾ, ਬੁਖਾਰ, ਸਰੀਰ ਦਾ ਟੁੱਟਣਾ, ਸੁੱਕੀ ਖੰਘ, ਕਮਜ਼ੋਰੀ ਆਦਿ ਸ਼ਾਮਲ ਹਨ, ਜੇਕਰ ਇਨ੍ਹਾਂ ਲੱਛਣਾਂ ਦਾ ਪਤਾ ਚੱਲਦਾ ਹੈ ਤਾਂ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਮੰਚ ਸੰਚਾਲਨ ਦੀ ਭੂਮਿਕਾ ਸਹਾਇਕ ਪ੍ਰੋ. ਮੋਨਿਕਾ ਧੰਮ ਨੇ ਬਾਖੂਬੀ ਨਿਭਾਈ। ਮੌਕੇ ’ਤੇ ਸਹਾਇਕ ਪ੍ਰੋ. ਅਮਨਪ੍ਰੀਤ ਕੌਰ, ਅਨੀਤਾ ਰਾਣੀ, ਮਨਜੀਤ ਕੁਮਾਰ ਅਤੇ ਕੇਸੀ ਗਰੁੱਪ ਦੇ ਪੀਆਰਓ ਵਿਪਨ ਕੁਮਾਰ ਆਦਿ ਹਾਜ਼ਰ ਰਹੇ।