ਟੁੱਟਦੇ ਤਾਰੇ ਸਭ ਨੇ ਵੇਖੇ ਹੋਣਗੇ। ਨਿੱਕੀ ਉਮਰੇ ਬਾਲਕਾਂ ਲਈ ਟੁੱਟਦੇ ਤਾਰੇ ਵੇਖਣਾ ਇਕ ਵਧੀਆਂ ਸ਼ੁਗਲ ਹੁੰਦਾ ਹੈ। ਇਸ ਦੇ ਨਾਲ ਹੀ ਟੁੱਟਦੇ ਤਾਰੇ ਨੂੰ ਵੇਖਕੇ ਦੁਆ ਮੰਗਣ ਦਾ ਰਿਵਾਜ਼ ਹੈ। ਲੋਕਾਂ ਵਿਚ ਅਜਿਹੀ ਮਾਨਤਾ ਹੈ ਕਿ ਜੇਕਰ ਕੋਈ ਇਨਸਾਨ ਟੁੱਟਦੇ ਤਾਰੇ ਨੂੰ ਵੇਖਕੇ ਉਸੇ ਵੇਲੇ ਸੱਚੇ ਮਨ ਨਾਲ ਦੁਆ ਮੰਗਦਾ ਹੈ ਤਾਂ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਅਸਲ ਵਿਚ ਟੁੱਟਦਾ ਤਾਰਾ ਕਦੇ ਕਦਾਈਂ ਹੀ ਦਿਸਦਾ ਹੈ। ਇਸੇ ਕਾਰਨ ਹੀ ਇਸਦੇ ਦਿਖਣ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਤੁਹਾਨੂੰ ਜਾਣਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਟੁੱਟਦੇ ਤਾਰੇ ਸੰਬੰਧੀ ਇਹ ਮਾਨਤਾ ਅੱਜਕਲ੍ਹ ਦੀ ਨਹੀਂ ਹੈ ਬਲਕਿ ਸਦੀਆਂ ਪੁਰਾਣੀ ਹੈ। ਟੁੱਟਦੇ ਤਾਰੇ ਨਾਲ ਸੰਬੰਧਤ ਹੋਰ ਵੀ ਕਈ ਮਾਨਤਾਵਾਂ ਹਨ, ਆਓ ਤੁਹਾਨੂੰ ਇਹਨਾਂ ਬਾਰੇ ਦੱਸੀਏ –ਪ੍ਰਾਚੀਨ ਕਾਲ ਵਿਚ ਟੁੱਟਦੇ ਤਾਰੇ ਬਾਰੇ ਵੱਖੋ ਵੱਖਰੀਆਂ ਸੰਸਕ੍ਰਿਤੀਆਂ ਦੀਆਂ ਮਾਨਤਾਵਾਂ ਅਲੱਗ ਅਲੱਗ ਸਨ। ਕੁਝ ਸੰਸਕ੍ਰਿਤੀਆਂ ਤਾਰਿਆਂ ਨੂੰ ਦਿਸ਼ਾ ਸੂਚਕਾਂ ਵਜੋਂ ਮੰਨਦੀਆਂ ਸਨ। ਕੁਝ ਕੁ ਸੰਸਕ੍ਰਿਤੀਆਂ ਵਿਚ ਟੁੱਟਦੇ ਤਾਰੇ ਨੂੰ ਦੇਖਕੇ ਦੁਆ ਮੰਗਣੀ ਅਸ਼ੁੱਭ ਮੰਨਿਆਂ ਜਾਂਦਾ ਰਿਹਾ ਹੈ। ਕੁਝ ਮਾਨਤਾਵਾਂ ਅਨੁਸਾਰ ਟੁੱਟਦਾ ਤਾਰਾ ਲੋਕਾਂ ਦੇ ਜੀਵਨ ਵਿਚ ਤਬਦੀਲੀਆਂ ਲਿਆਉਂਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਸਕਦੀਆਂ ਹਨ। ਕੁਝ ਲੋਕ ਮੰਨਦੇ ਹਨ ਕਿ ਟੁੱਟਦੇ ਤਾਰੇ ਬ੍ਰਹਿਮੰਡ, ਦੇਵਤਿਆਂ ਤੇ ਸ਼ੁੱਧੀਕਰਨ ਨਾਲ ਜੁੜੇ ਭੇਦ ਦੱਸਦੇ ਹਨ। ਇਹਨਾਂ ਨੂੰ ਦੇਖਕੇ ਚੰਗੀ ਜਾਂ ਮਾੜੀ ਫਸਲ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਕੁਝ ਲੋਕ ਟੁਟਦਿਆਂ ਤਾਰਿਆਂ ਨੂੰ ਅਸਮਾਨ ਤੋਂ ਧਰਤੀ ਵੱਲ ਆਉਂਦੀਆਂ ਆਤਮਾਵਾਂ ਮੰਨਦੇ ਹਨ। ਉਹਨਾਂ ਅਨੁਸਾਰ ਇਹ ਆਤਮਾਵਾਂ ਮਨੁੱਖੀ ਸਰੀਰਾਂ ਵਿਚ ਦਾਖਲ ਹੋਣ ਲਈ ਆ ਰਹੀਆਂ ਹਨ। ਇਸੇ ਤਰ੍ਹਾਂ ਕੁਝ ਲੋਕ ਇਹਨਾਂ ਨੂੰ ਮ੍ਰਿਤ ਆਤਮਾਵਾਂ ਮੰਨਦੇ ਹਨ ਜੋ ਸਾਨੂੰ ਆਪਣੀ ਹੋਂਦ ਦੀ ਯਾਦ ਦਵਾਉਂਦੀਆਂ ਹਨ।