ਪੰਜਾਬ ਦੇ ਚੋਣ ਦੰਗਲ ਵਿੱਚ ਹੁਣ ਕਾਂਗਰਸ ਦੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਹੁੰਕਾਰ ਭਰਨਗੇ। ਪੰਜਾਬ ਕਾਂਗਰਸ ਨੇ ਮਾਝਾ, ਦੁਆਬਾ ਤੇ ਮਾਲਵਾ ਵਿੱਚ ਉਨ੍ਹਾਂ ਦੀਆਂ ਤਿੰਨ ਰੈਲੀਆਂ ਭਲਕੇ ਯਾਨੀ ਕਿ 28 ਮਈ ਨੂੰ ਕਰਵਾਉਣ ਦੀ ਰਣਨੀਤੀ ਬਣਾਈ ਹੈ, ਜਦਕਿ 29 ਨੂੰ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਖੁਦ ਪੰਜਾਬ ਆਉਣਗੇ। ਇਸ ਦੌਰਾਨ ਉਹ ਪਟਿਆਲਾ ਤੇ ਲੁਧਿਆਣਾ ਵਿੱਚ ਰੈਲੀ ਨੂੰ ਸੰਬੋਧਿਤ ਕਰਨਗੇ। ਪਾਰਟੀ ਨੇਤਾਵਾਂ ਦੀ ਮੰਨੀ ਜਾਵੇ ਤਾਂ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਾਂਗਰਸ ਵੱਲੋਂ ਤਿਆਰ ਕੀਤੇ ਗਏ ਪ੍ਰੋਗਰਾਮ ਦੇ ਅਨੁਸਾਰ ਖੜਗੇ ਦੀਆਂ ਤਿੰਨ ਰੈਲੀਆਂ ਵਿੱਚੋਂ ਇੱਕ ਅੰਮ੍ਰਿਤਸਰ ਲੋਕ ਸਭਾ ਹਲਕੇ, ਦੂਜੀ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਹੋਵੇਗੀ। ਜਦਕਿ ਇੱਕ ਰੈਲੀ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਵਿੱਚ ਕਰਵਾਉਣ ਦੀ ਰਣਨੀਤੀ ਬਣਾਈ ਗਈ ਹੈ। ਇਹ ਸਾਰੀ ਰਣਨੀਤੀ ਪੰਜਾਬ ਦੌਰੇ ‘ਤੇ ਆਏ ਪਾਰਟੀ ਦੇ ਰਾਸ਼ਟਰੀ ਮਹਾ ਸਕੱਤਰ ਸੰਗਠਨ ਕੇਸੀ ਵੇਣੁਗੋਪਾਲ ਨਾਲ ਹੋਈ ਪਾਰਟੀ ਨੇਤਾਵਾਂ ਦੀ ਮੀਟਿੰਗ ਦੇ ਬਾਅਦ ਬਣਾਈ ਗਈ ਹੈ। ਇਸ ਮੀਟਿੰਗ ਵਿੱਚ ਵੇਣੂਗੋਪਾਲ ਨੇ ਸਾਰੇ ਹਲਕਿਆਂ ਨੂੰ ਲੈ ਕੇ ਪਾਰਟੀ ਦੇ ਨੇਤਾਵਾਂ ਤੋਂ ਫੀਡਬੈਕ ਲਿਆ ਸੀ। ਦੱਸ ਦੇਈਏ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਫਰਵਰੀ ਵਿੱਚ ਪੰਜਾਬ ਕਾਂਗਰਸ ਵੱਲੋਂ ਪਾਰਟੀ ਵਰਕਰਾਂ ਦੀ ਪਹਿਲੀ ਕਨਵੈਂਸ਼ਨ ਕਰਵਾਈ ਗਈ ਸੀ। ਇਸ ਵਿੱਚ ਵੀ ਪਾਰਟੀ ਦੇ ਕੌਮੀ ਪ੍ਰਧਾਨ ਮਾਲਿਕਾਰਜੁਨ ਖੜਗੇ ਸ਼ਾਮਿਲ ਹੋਏ ਸਨ। ਇਹ ਕਨਵੈਂਸ਼ਨ ਲੁਧਿਆਣਾ ਦੇ ਸਮਰਾਲਾ ਵਿੱਚ ਸਮਾਪਤ ਹੋਈ ਸੀ। ਇਸ ਵਿੱਚ 13 ਹਜ਼ਾਰ ਤੋਂ ਵੱਧ ਪਾਰਟੀ ਦੇ ਮੈਂਬਰਾਂ ਨੇ ਹਿੱਸਾ ਲਿਆ ਸੀ।