ਟੋਰਾਂਟੋ : ਆਪਣਾ ਪੰਜਾਬ ਮੀਡੀਆ : ਓਲੀਵੀਆ ਚਾਓ ਬੁੱਧਵਾਰ ਨੂੰ ਟੋਰਾਂਟੋ ਦੀ 66ਵੀਂ ਮੇਅਰ ਵਜੋਂ ਸੰਹੁ ਚੁੱਕੇਗੀ। ਫਰਵਰੀ ਵਿੱਚ ਜੌਹਨ ਟੋਰੀ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਮੇਅਰ ਦੀਆਂ ਜਿ਼ੰਮੇਵਾਰੀਆਂ ਡਿਪਟੀ ਮੇਅਰ ਜੈਨੀਫਰ ਮੈਕੈਲਵੀ ਵੱਲੋਂ ਨਿਭਾਈਆਂ ਜਾ ਰਹੀਆਂ ਹਨ। ਹੁਣ ਮੈਕੈਲਵੀ ਇਹ ਜਿ਼ੰਮੇਵਾਰੀਆਂ ਅਸਲ ਮੇਅਰ ਨੂੰ ਸੌਂਪਣ ਲਈ ਤਿਆਰ ਹੈ। ਇਸ ਨਾਲ ਹੀ ਸਿਟੀ ਹਾਲ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ । ਮੰਗਲਵਾਰ ਨੂੰ ਟੋਰਾਂਟੋ ਵਿੱਚ ਇੱਕ ਈਵੈਂਟ ਦੌਰਾਨ ਚਾਓ ਨੇ ਆਖਿਆ ਕਿ ਉਹ ਸਾਰਿਆਂ ਨੂੰ ਇੱਕੋ ਸੁਨੇਹਾ ਦੇਣਾ ਚਾਹੁੰਦੀ ਹੈ “ਆਓ ਸਾਰੇ ਰਲ ਕੇ ਕੰਮ ਕਰੀਏ।
” ਇੱਕਜੁੱਟ ਹੋ ਕੇ ਕੰਮ ਕਰਨ ਨਾਲ ਅਸੀਂ ਮਜ਼ਬੂਤ ਹੋਵਾਂਗੇ। ਚਾਓ ਵੱਲੋਂ ਵੱਡੇ ਪੱਧਰ ਉੱਤੇ ਸਿਟੀ ਵਿੱਚ ਤਬਦੀਲੀ ਲਿਆਉਣ ਦੀ ਗੱਲ ਕੀਤੀ ਗਈ। ਇਸ ਦੇ ਨਾਲ ਹੀ ਟੋਰਾਂਟੋ ਨੂੰ ਵਧੇਰੇ ਕਿਫਾਇਤੀ ਤੇ ਵਧੇਰੇ ਕੇਅਰਿੰਗ ਬਣਾਉਣ ਦਾ ਦਾਅਵਾ ਵੀ ਚਾਓ ਵੱਲੋਂ ਕੀਤੇ ਗਏ । ਇਸ ਦੌਰਾਨ ਮੈਕੈਲਵੀ ਨੇ ਆਖਿਆ ਕਿ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਦੀ ਵਾਧੂ ਮਦਦ ਤੋਂ ਬਿਨਾਂ 2024 ਲਈ ਔਖੇ ਫੈਸਲੇ ਲੈਣੇ ਪੈਣਗੇ।