ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ: ਸਿੱਖਿਆ ਅਤੇ ਸਿਹਤ ਦੇ ਮੁੱਦਿਆ ਤੇ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨੂੰ ਆਜਾਦੀ ਦੇ 76ਵੇਂ ਦਿਹਾੜੇ ਤੇ ਇੱਕ ਵੱਡੀ ਸੌਗਾਤ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦੇ 76ਵੇਂ ਦਿਹਾੜੇ ਤੇ ਸੂਬੇ ਵਿੱਚ 76 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦੇ 76 ਸਾਲ ਪੂਰੇ ਹੋਣ ਮੌਕੇ ਅੱਜ 76 ਹੋਰ ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤਾ। ਇਨ੍ਹਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਤੋਂ ਕੀਤਾ। ਜਿਸ ਨਾਲ ਹੁਣ ਸੂਬੇ ਵਿੱਚ ਆਮ ਆਦਮੀ ਕਲੀਨਿਕ ਦੀ ਗਿਣਤੀ 659 ਤੇ ਪਹੁੰਚ ਗਈ ਹੈ।
CM ਮਾਨ ਨੇ ‘ਆਮ ਆਦਮੀ ਕਲੀਨਿਕ’ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹੈ। ਉਨ੍ਹਾਂ ਟਵੀਟ ‘ਤੇ ਲਿਖਿਆ ਹੈ, “ਸਿਹਤ ਕ੍ਰਾਂਤੀ ਵੱਲ ਵਧਦਾ ਪੰਜਾਬ…ਪਿਛਲੇ ਸਾਲ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਸੀਂ ਪੰਜਾਬ ‘ਚ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਸੀ ਜਿਸਦਾ ਅੰਕੜਾ ਸਾਲ ‘ਚ ਹੀ 583 ‘ਤੇ ਪਹੁੰਚ ਗਿਆ ਜਿਸਦਾ ਫਾਇਦਾ ਹੁਣ ਤੱਕ ਲਗਭਗ 45 ਲੱਖ ਲੋਕ ਲੈ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਕਲੀਨਿਕ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਜੋ ਇਲਾਜ ਦੇ ਖਰਚੇ ਕਾਰਨ ਸਿਹਤ ਸਹੂਲਤਾਂ ਤੋਂ ਵਾਂਝੇ ਸਨ। ਉਨ੍ਹਾਂ ਅੱਗੇ ਲਿਖਿਆ- ਸਾਡਾ ਖੁਆਬ, ਸਿਹਤਮੰਦ ਪੰਜਾਬ।
ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ 403 ਪਿੰਡਾਂ ਅਤੇ 180 ਸ਼ਹਿਰਾਂ ਵਿੱਚ 583 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਹੁਣ ਤੱਕ 44 ਲੱਖ ਤੋਂ ਵੱਧ ਲੋਕ ਇਨ੍ਹਾਂ ਦਾ ਲਾਭ ਲੈ ਚੁੱਕੇ ਹਨ, ਜਦਕਿ 20 ਲੱਖ ਤੋਂ ਵੱਧ ਲੋਕ ਮੁਫਤ ਮੈਡੀਕਲ ਟੈਸਟ ਕਰਵਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ‘ਤੇ 38 ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ 80 ਤਰ੍ਹਾਂ ਦੀਆਂ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਕਲੀਨਿਕਾਂ ਤੋਂ 30 ਕਰੋੜ ਰੁਪਏ ਤੋਂ ਵੱਧ ਦੀਆਂ ਦਵਾਈਆਂ ਦਿੱਤੀਆਂ ਗਈਆਂ ਹਨ।
ਆਜ਼ਾਦੀ ਦੇ 76ਵੇਂ ਦਿਹਾੜੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 76 ਮਹੁੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ

Leave a comment
Leave a comment