ਅੰਮ੍ਰਿਤਸਰ: ਆਪਣਾ ਪੰਜਾਬ ਮੀਡੀਆ: ਅੰਮ੍ਰਿਤਸਰ ਪੁਲੀਸ ਨੇ ਇੱਕ ਫਰਜ਼ੀ ਫ਼ੌਜੀ ਅਧਿਕਾਰੀ ਗ੍ਰਿਫਤਾਰ ਕੀਤਾ ਹੈ ਅਤੇ ਉਸ ਖਿਲਾਫ਼ ਪੁਲੀਸ ਥਾਣਾ ਡੀ ਡਿਵੀਜ਼ਨ ਵਿੱਚ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਸ਼ਨਾਖਤ ਸੰਦੀਪ ਸਿੰਘ ਵਾਸੀ ਪਿੰਡ ਚੀਕਨਾ ਅਨੰਦਪੁਰ ਵਜੋਂ ਹੋਈ ਹੈ ਜਿਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਡੀਸੀਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲੀਸ ਚੌਕੀ ਦੁਰਗਿਆਨਾ ਮੰਦਰ ਦੀ ਪੁਲੀਸ ਨੇ ਅਗਾਊਂ ਸੂਚਨਾ ਦੇ ਆਧਾਰ ’ਤੇ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਿਸ ਨੇ ਮੇਜਰ ਰੈਂਕ ਦੀ ਵਰਦੀ ਪਾਈ ਹੋਈ ਸੀ ਅਤੇ ਵਰਦੀ ਉੱਪਰ ਸਟਾਰ ਅਤੇ ਬੈਜ ਵੀ ਲੱਗੇ ਹੋਏ ਸਨ। ਜਦੋਂ ਪੁਲੀਸ ਨੇ ਉਸ ਕੋਲੋਂ ਫੌਜ ਵਿੱਚ ਹੋਣ ਸਬੰਧੀ ਸਬੂਤਾਂ ਦੀ ਮੰਗ ਕੀਤੀ ਤਾਂ ਉਹ ਪੇਸ਼ ਨਹੀਂ ਕਰ ਸਕਿਆ। ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਵਿਅਕਤੀ ਕਾਫੀ ਸਮੇਂ ਤੋਂ ਵੱਖ-ਵੱਖ ਰੈਂਕ ਦੀਆਂ ਵਰਦੀਆਂ ਪਾ ਕੇ ਆਮ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ। ਉਹ ਖ਼ੁਦ ਨੂੰ ਭਾਰਤੀ ਫ਼ੌਜ ਵਿੱਚ ਇੱਕ ਵੱਡਾ ਅਫਸਰ ਦੱਸਦਾ ਹੈ। ਉਸ ਵੱਲੋਂ ਇਹ ਫੌਜੀ ਵਰਦੀਆਂ ਦੇਹਰਾਦੂਨ ਤੋਂ ਲਈਆਂ ਗਈਆਂ ਹਨ। ਇਹ ਫ਼ੌਜੀ ਵਰਦੀ ਪਾ ਕੇ ਉਹ ਰੁੜਕੀ ਆਰਮੀ ਕੈਂਟ, ਜੰਮੂ ਫ਼ੌਜੀ ਛਾਉਣੀ ਅਤੇ ਅੰਮ੍ਰਿਤਸਰ ਆਰਮੀ ਕੈਂਟ ਵਿੱਚ ਵੀ ਜਾ ਚੁੱਕਾ ਹੈ। ਉਸ ਕੋਲੋਂ ਜੋ ਪਛਾਣ ਪੱਤਰ ਅਤੇ ਦਸਤਾਵੇਜ਼ ਮਿਲੇ ਹਨ, ਪੁਲੀਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।