ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੀ ਮੈਕਸੀਕੋ ਨਾਲ ਲੱਗਦੀ ਟੈਕਸਾਸ ਸਰਹੱਦ ਉਪਰ ਕਸਟਮ ਅਧਿਕਾਰੀਆਂ ਵੱਲੋਂ ਇਕ ਪਿਕ ਅੱਪ ਟਰੱਕ ਵਿਚੋਂ 8 ਕਿਲੋਗ੍ਰਾਮ ਤੋਂ ਵਧ ਕੁਕੀਨ ਬਰਾਮਦ ਕਰਨ ਦੀ ਖਬਰ ਹੈ। ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਧਿਕਾਰੀਆਂ ਨੇ ਪ੍ਰੈਸੀਡੀਓ ਪੋਰਟ ਟੈਕਸਾਸ ਦੇ ਪ੍ਰਵੇਸ਼ ਰਸਤੇ ਤੇ ਮੈਕਸੀਕੋ ਤੋਂ ਆਏ ਇਕ ਪਿਕ ਅੱਪ ਟਰੱਕ ਨੂੰ ਰੋਕਿਆ ਜਿਸ ਵਿਚੋਂ ਗੋਲ ਆਕਾਰ ਦੇ ਪਨੀਰ ਦੇ 4 ਵੱਡੇ ਪਹੀਏ ਬਰਾਮਦ ਹੋਏ। ਐਕਸ ਰੇਅ ਸਕੈਨ ਵਿਚ ਪਨੀਰ ਦੇ ਪਹੀਆਂ ਵਿਚ ਕੁਝ ਗੜਬੜ ਵਿਖਾਈ ਦਿੱਤੀ। ਜਿਸ ਉਪਰੰਤ ਪਨੀਰ ਦੇ ਪਹੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕੁਕੀਨ ਨਾਲ ਭਰੇ ਹੋਏ ਹਨ। ਉਨਾਂ ਵਿਚੋਂ 8 ਕਿਲੋ ਤੋਂ ਵਧ ਕੁਕੀਨ ਬਰਾਮਦ ਹੋਈ। ਅਧਿਕਾਰੀਆਂ ਨੇ ਟਰੱਕ ਜ਼ਬਤ ਕਰਕੇ 22 ਸਾਲਾ ਡਰਾਈਵਰ ਜੋ ਅਮਰੀਕੀ ਨਾਗਰਿਕ ਹੈ, ਨੂੰ ਹਿਰਾਸਤ ਵਿਚ ਲੈ ਲਿਆ ਹੈ। ਅਧਿਕਾਰੀਆਂ ਅਨੁਸਾਰ ਉਸ ਵਿਰੁੱਧ ਕੁਕੀਨ ਦੀ ਤਸਕਰੀ ਕਰਨ ਦੀ ਅਸਫਲ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਜਾਣਗੇ। ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ ਪ੍ਰੈਸੀਡੀਓ ਪੋਰਟ ਦੇ ਮੁੱਖੀ ਡੈਨੀਅਲ ਮਰਕਾਡੋ ਨੇ ਕਿਹਾ ਹੈ ਕਿ ਤੱਸਕਰ ਤਰਾਂ ਤਰਾਂ ਦੇ ਢੰਗ ਤਰੀਕੇ ਅਪਣਾ ਕੇ ਡਰੱਗ ਦੀ ਤੱਸਕਰੀ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰੰਤੂ ਸਾਡੇ ਚੌਕਨੇ ਅਫਸਰ ਉਨਾਂ ਦੀ ਹਰ ਕੋਸ਼ਿਸ਼ ਨਾਕਾਮ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ।