ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਕੁਈਨਜ਼ਲੈਂਡ ਦੇ ਸਕੂਲਾਂ ‘ਚ ਕਿਰਪਾਨ ਪਾਉਣ ਦੀ ਪਾਬੰਦੀ ਦੇ ਖਿਲਾਫ ਅਦਾਲਤੀ ਕੇਸ ਜਿੱਤਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਆਸਟ੍ਰੇਲੀਆਈ ਸਿੱਖਾਂ ਨੂੰ ਵਧਾਈ ਦਿੱਤੀ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸਿੰਘ ਸਾਹਿਬ ਜੀ ਨੇ ਕਿਹਾ ਕਿ ਕੁਈਨਜ਼ਲੈਂਡ ਦੀ ਅਦਾਲਤ ਵਲੋਂ ਸਿੱਖਾਂ ਨੂੰ ਕਕਾਰ ਵਜੋਂ ਕ੍ਰਿਪਾਨ ਧਾਰਨ ਕਰਨ ਦੀ ਖੁੱਲ੍ਹ ਦੇਣਾ ਸਵਾਗਤਯੋਗ ਹੈ ਅਤੇ ਇਸ ਦੇ ਨਾਲ ਆਸਟ੍ਰੇਲੀਆ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਅੰਤਰ ਧਰਮ ਸਦਭਾਵਨਾ ਅਤੇ ਮਿਲਵਰਤਨ ਦੀ ਭਾਵਨਾ ਵੀ ਵਧੇਗੀ। ਸਿੰਘ ਸਾਹਿਬ ਜੀ ਨੇ ਕਿਹਾ ਕਿ ਕ੍ਰਿਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਕਕਾਰ ਵਜੋਂ ਬਖਸ਼ਿਸ਼ ਕੀਤੀ ਗਈ ਹੈ, ਜੋ ਸਿੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਕੁਈਨਜ਼ਲੈਂਡ ਦੇ ਸਕੂਲਾਂ ਅੰਦਰ ਨਾ ਸਿਰਫ ਸਿੱਖ ਵਿਦਿਆਰਥੀਆਂ ਨੂੰ ਬਲਕਿ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਕ੍ਰਿਪਾਨ ਧਾਰਨ ਕਰਕੇ ਆਉਣ ਤੋਂ ਰੋਕਿਆ ਗਿਆ ਸੀ ਪਰ ਬੀਬੀ ਕਮਲਜੀਤ ਕੌਰ ਦੇ ਵਕੀਲ ਨੇ ਦੱਸਿਆ ਕਿ ਅੰਮਿ੍ਤਧਾਰੀ ਸਿੱਖ ਲਈ ਕ੍ਰਿਪਾਨ ਪੰਜ ਕਕਾਰਾਂ ਵਿਚੋਂ ਇਕ ਹੈ ਅਤੇ ਇਸ ਨੂੰ ਚਾਕੂ ਪਾਬੰਦੀ ਵਜੋਂ ਦੇਖਣਾ ਨਸਲੀ ਵਿਤਕਰਾ ਹੈ। ਜਿਨ੍ਹਾਂ ਨੇ ਅਦਾਲਤ ਵਿਚ ਕਾਨੂੰਨੀ ਆਧਾਰ ‘ਤੇ ਆਪਣੇ ਪੱਖ ਨੂੰ ਪੇਸ਼ ਕਰਕੇ ਕ੍ਰਿਪਾਨ ਪਹਿਨਣ ਦੀ ਖੁੱਲ੍ਹ ਹਾਸਲ ਕੀਤੀ ਹੈ।